Punjab

ਸੱਚੀ ਵਰਿਆਮਗੀ (ਲੇਖਕ:ਪ੍ਰੋ. ਪੂਰਨ ਸਿੰਘ)

December 26, 2018 11:20 PM

 

ਕਿਤਾਬਾਂ ਤੇ ਅਖ਼ਬਾਰਾਂ ਦੇ ਪੜ੍ਹਨ ਜਾਂ ਵਿਦਵਾਨਾਂ ਦੇ ਲੈਕਚਰ ਸੁਣਨ ਨਾਲ ਤਾਂ ਬਸ ਡਰਾਇੰਗ ਰੂਮ ਦੇ ‘ਸੂਰਬੀਰ’ ਹੀ ਪੈਦਾ ਹੁੰਦੇ ਹਨ। ਉਨ੍ਹਾਂ ਦੀ ਵੀ ਵੀਰਤਾ ਅਣਜਾਣ ਲੋਕਾਂ ਪਾਸੋਂ ਆਂਪਣੀ ਵਾਹ ਵਾਹ ਸੁਣਨ ਤਕ ਹੀ ਹੁੰਦੀ ਹੈ। ਅਸਲੀ ਵਰਿਆਮ ਤਾਂ ਦੁਨੀਆਂ ਦੀ ਬਣਾਵਟ ਤੇ ਲਿਖਾਵਟ ਦੇ ਮਖੌਲਾਂ ਲਈ ਨਹੀਂ ਜਿਉਂਦੇ।
ਸੂਰਮਾ ਤਾਂ ਇਹ ਸਮਝਦਾ ਹੈ ਕਿ ਜ਼ਿੰਦਗੀ ਮਾਮੂਲੀ ਚੀਜ਼ ਹੈ ਤੇ ਕੇਵਲ ਇਕ ਵੇਰ ਲਈ ਹੀ ਕਾਫੀ ਹੈ।
ਕਾਇਰ ਕਹਿੰਦਾ ਹੈ ‘ਉਠਾਓ ਤਲਵਾਰ’ ਸੂਰਮਾ ਆਖਦਾ ਹੈ ‘ਸਿਰ ਅੱਗੇ ਕਰੋ’ ਸੂਰਮੇ ਦਾ ਜੀਵਨ ਕੁਦਰਤ ਨੇ ਆਪਣੀ ਤਾਕਤ ਫਜ਼ੂਲ ਗੁਆਣ ਲਈ ਨਹੀਂ ਸਿਰਜਿਆ। ਸੂਰਮੇ ਦਾ ਸ਼ਰੀਰ ਕੁਦਰਤ ਦੀਆਂ ਕੁਲ ਤਾਕਤਾਂ ਦਾ ਭੰਡਾਰ ਹੈ। ਕੁਦਰਤ ਦਾ ਇਹ ਕੇਂਦਰ ਡੋਲ ਨਹੀਂ ਸਕਦਾ।ਸੂਰਮੇ ਤਾਂ ਆਪਣੇ ਅੰਦਰ ਹੀ ‘ਮਾਰਚ’ ਕਰਦੇ ਹਨ, ਕਿਉਂਕਿ ਆਤਮ-ਆਕਾਸ਼ ਦੇ ਕੇਂਦਰ ਵਿਚ ਖਲੋ ਕੇ ਉਹ ਸਾਰੇ ਸੰਸਾਰ ਨੂੰ ਹਿਲਾ ਸਕਦੇ ਹਨ। ਉਹ ਸੂਰਮਾ ਕੀ ਜੋ ਟੀਨ ਦੇ ਭਾਂਡੇ ਵਾਂਗ ਪਲ ਵਿਚ ਗਰਮ ਤੇ ਪਲ ਵਿਚ ਠੰਡਾ ਹੋ ਜਾਵੇ। ਸਦੀਆਂ ਅੱਗ ਉਸ ਦੇ ਹੇਠ ਬਲਦੀ ਰਹੇ ਤਾਂ ਸ਼ਾਇਦ ਕਿਤੇ ਵੀਰ ਪੁਰਖ ਤੱਤਾ ਹੋ ਸਕੇ ਤੇ ਹਜ਼ਾਰਾਂ ਵਰ੍ਹੇ ਬਰਫ ਉਸ ’ਤੇ ਜੰਮਦੀ ਰਹੇ ਤਾਂ ਵੀ ਕੀ ਮਜਾਲ ਉਸ ਦੀ ਬਾਣੀ ਤਕ ਠੰਡੀ ਹੋ ਸਕੇ।
ਅਖ਼ਬਾਰਾਂ ਦੀ ਟਕਸਾਲ ਵਿਚ ਘੜੇ ਦਰਜਨਾਂ ਬਹਾਦਰ ਮਿਲਦੇ ਹਨ। ਜਿਥੇ ਕਿਸੇ ਨੇ ਇਕ ਦੋ ਕੰਮ ਕੀਤੇ ਤੇ ਅੱਗੇ ਹੋ ਕੇ ਛਾਤੀ ਕੱਢੀ ਤੇ ਹਿੰਦੁਸਤਾਨ ਦੇ ਸਾਰੇ ਅਖ਼ਬਾਰਾਂ ਨੇ ‘ਹੀਰੋ’ ਤੇ ‘ਮਹਾਤਮਾ’ ਦੀ ਪੁਕਾਰ ਮਚਾਈ, ਬੱਸ ਇਕ ਨਵਾਂ ‘ਸੂਰਮਾ’ ਪੈਦਾ ਹੋ ਗਿਆ। ਇਹ ਤਾਂ ਪਾਗਲਪਨ ਦੀਆਂ ਲਹਿਰਾਂ ਹਨ। ਅਖ਼ਬਾਰ ਲਿਖਣ ਵਾਲੇ ਸਾਧਾਰਣ ਸਿੱਕੇ ਦੇ ਬੰਦੇ ਹੁੰਦੇ ਹਨ। ਉਨ੍ਹਾਂ ਦੀ ਉਸਤਤ ਨਿੰਦਿਆ ਤੇ ਕਿਉਂ ਮਰਦੇ ਹੋ? ਆਪਣੇ ਜੀਵਨ ਨੂੰ ਅਖ਼ਬਾਰਾਂ ਦੇ ਛੋਟੇ ਛੋਟੇ ਪੈਰਿਆਂ ਤੇ ਕਿਉਂ ਲਟਕਾ ਰਹੇ ਹੋ? ਕੀ ਇਹ ਸੱਚ ਨਹੀਂ ਕਿ ਸਾਡੇ ਅੱਜ ਦੇ ਬਹਾਦਰਾਂ ਦੀ ਜਾਨ ਅਖ਼ਬਾਰਾਂ ਦੇ ਲੇਖਾਂ ਵਿਚ ਹੈ। ਜ਼ਰਾ ਇਨ੍ਹਾਂ ਰੰਗ ਬਦਲਿਆ ਨਹੀਂ ਕਿ ਸਾਡੇ ਬਹਾਦਰਾਂ ਨੇ ਵੀ ਰੰਗ ਬਦਲੇ, ਬੁੱਲ੍ਹ ਸੁੱਕਣ ਲੱਗੇ ਤੇ ਬਹਾਦਰੀ ਦੀਆਂ ਸਾਰੀਆਂ ਆਸਾਂ ਟੁੱਟ ਗਈਆਂ।
ਸੱਜਨੋਂ! ਅੰਦਰ ਦੇ ਧੁਰੇ ਵਲ ਆਪਣੀ ਚਾਲ ਮੋੜੋ ਤੇ ਇਸ ਦਿਖਾਵਟੀ ਤੇ ਬਨਾਵਟੀ ਜੀਵਨ ਦੀ ਚੰਚਲਤਾ ਵਿਚ ਆਪਣੇ ਆਪ ਨੂੰ ਗੰਵਾਓ ਨਹੀਂ। ਸੂਰਮੇ ਨਹੀਂ ਤਾਂ ਸੂਰਮਿਆਂ ਦੇ ਪਿਛਲੱਗ ਬਣੋ। ਬਹਾਦਰੀ ਦੇ ਕਾਰਨਾਮੇ ਨਹੀਂ ਤਾਂ ਆਪਣੇ ਅੰਦਰ ਸਹਿਜੇ ਸਹਿਜੇ ਬਹਾਦਰੀ ਦੇ ਪਰਮਾਣੂ ਜਮ੍ਹਾ ਕਰੋ।
ਜਦੋਂ ਕਦੇ ਅਸੀਂ ਬਹਾਦਰਾਂ ਦਾ ਹਾਲ ਸੁਣਦੇ ਹਾਂ, ਤਾਂ ਸਾਡੇ ਆਪਣੇ ਅੰਦਰ ਵੀ ਬਹਾਦਰੀ ਦੀਆਂ ਲਹਿਰਾਂ ਉਠਦੀਆਂ ਹਨ, ਰੰਗ ਚੜ੍ਹ ਜਾਂਦਾ ਹੈ। ਪਰ ਉਹ ਰੰਗ ਟਿਕਾਊ ਨਹੀਂ ਹੁੰਦਾ। ਕਾਰਣ ਇਹ ਹੈ ਕਿ ਸਾਡੇ ਅੰਦਰ ਬਹਾਦਰੀ ਦਾ ਮਸਾਲਾ ਤਾਂ ਹੁੰਦਾ ਨਹੀਂ ਖਾਲੀ ਮਹਿਲ ਉਸ ਦੇ ਦਿਖਾਵੇ ਲਈ ਉਸਾਰਨਾ ਲੋਚਦੇ ਹਾਂ। ਟੀਨ ਦੇ ਭਾਂਡੇ ਦਾ ਸੁਭਾਉ ਛੱਡ ਕੇ ਆਪਣੇ ਜੀਵਨ ਦੇ ਅੰਤਰ-ਆਤਮੇ ਵਿਚ ਨਿਵਾਸ ਕਰੋ ਤੇ ਸੱਚਾਈ ਦੀ ਚੱਟਾਨ ਤੇ ਪੱਕੇ ਪੈਰੀਂ ਖਲੋ ਜਾਓ। ਆਪਣੀ ਜ਼ਿੰਦਗੀ ਕਿਸੇ ਹੋਰ ਨੂੰ ਸੌਂਪ ਦਿਓ ਤਾਂ ਜੋ ਜ਼ਿੰਦਗੀ ਬਚਾਉਣ ਦਿਆਂ ਜਤਨਾਂ ਵਿਚ ਸਮਾਂ ਵਾਧੂ ਨਸ਼ਟ ਨਾ ਹੋਵੇ
ਜੀਵਨ ਦੇ ਤੱਤ ਦਾ ਅਨੁਭਵ ਕਰ ਕੇ ਚੁੱਪ ਵੱਟ ਲਵੋ, ਧੀਰੇ ਤੇ ਗੰਭੀਰ ਹੋ ਜਾਵੋਗੇ। ਵੀਰਾਂ ਦੀ, ਫਕੀਰਾਂ ਦੀ ਤੇ ਪੀਰਾਂ ਦੀ ਇਹ ਇਕ ਕੂਕ ਹੈ-ਹਟੋ ਪਿੱਛੇ, ਆਪਣੇ ਅੰਦਰ ਜਾਓ, ਆਪਣਾ ਆਪਾ ਦੇਖੋ, ਦੁਨੀਆਂ ਹੋਰ ਦੀ ਹੋਰ ਹੋ ਜਾਵੇਗੀ। ਆਪਣੀ ਆਤਮਿਕ ਉੱਨਤੀ ਕਰੋ।

Have something to say? Post your comment