Punjab

ਵਿਵਾਦ ਦਾ ਵੇਲਾ (ਡਾ ਸੇਵਕ ਸਿੰਘ)

December 25, 2018 02:41 AM

ਧਰਮ ਅਨੁਸਾਰ ਜਿੰਦਗੀ ਤਾਂ ਪੈਰ ਪੈਰ ਤੇ ਰੱਬੀ ਮਿਹਰ ਦੀ ਮੁਹਤਾਜ ਹੈ। ਕੋਈ ਸਮਾਜ ਜਿੰਨਾ ਵਧੇਰੇ ਵਿਵਾਦ ਵਿਚ ਫਸਿਆ ਹੋਇਆ ਹੈ ਉਹ ਓਨਾ ਵਧੇਰੇ ਹੀ ਕਹਿਣ ਕਰਨ ਦੇ ਫਰਕ ਦਾ ਸ਼ਿਕਾਰ ਹੈ।ਵਿਵਾਦ ਆਸਰੇ ਜੀਣ ਵਾਲੇ ਲੋਕਾਂ ਵਿੱਚ ਧਰਮ ਖਾਤਰ ਹਕੂਮਤ ਨਾਲ ਭਿੜਣ ਦੀ ਸੰਭਾਵਨਾ ਬਹੁਤ ਘੱਟ ਹੁੰਦੀ ਹੈ। ਵਿਵਾਦਾਂ ਵਿੱਚ ਹਿੱਸਾ ਲੈ ਕੇ ਆਪਣੀ ਵਿਦਵਤਾ ਜਾਂ ਧਾਰਮਿਕ ਪਕਿਆਈ ਸਿੱਧ ਕਰਨ ਵਾਲੇ ਲੋਕਾਂ ਦੀ ਧਰਮ ਬਾਰੇ ਅਗਿਆਨਤਾ ਜਾਂ ਦੁਬਿਧਾ ਅਕਸਰ ਪਰਗਟ ਹੁੰਦੀ ਰਹਿੰਦੀ ਹੈ।ਰਾਜਨੀਤਿਕ ਜਾਂ ਸਮਾਜਿਕ ਇਤਿਹਾਸ ਲਈ ਗੁਰੂ ਦਸ ਰਹਿਣਗੇ ਪਰ ਸਿੱਖ ਇਤਿਹਾਸ ਲਈ ਗੁਰੂ ਜੋਤ ਇਕੋ ਰਹੇਗੀ। ਸਿਧਾਂਤ ਮੁਤਾਬਿਕ ਸਹੀ ਜਿਉਣਾ ਬਹੁਤੇ ਲੋਕਾਂ ਦੀ ਸਚਮੁੱਚ ਦੀ ਇੱਛਾ ਨਹੀਂ ਹੁੰਦੀ ਪਰ ਇਹਦਾ ਭਰਮ ਪਾਲਣਾ ਲਗਭਗ ਸਭ ਦਾ ਹੀ ਸ਼ੌਕ ਹੁੰਦਾ ਹੈ।ਵਿਵਾਦ ਇਹ ਸ਼ੌਕ ਨੂੰ ਸਚਾਈ ਬਣਨ ਵਿੱਚ ਬਹੁਤ ਮਦਦਗਾਰ ਹੁੰਦੇ ਹਨ।ਹਰ ਧਰਮ ਅੰਦਰ ਕੁਝ ਪੱਕੇ ਸਵਾਲ ਹੁੰਦੇ ਹਨ ਜੋ ਕਿਸੇ ਇਤਿਹਾਸਕ ਮੋੜ ਤੇ ਵਾਪਰੇ ਵਰਤਾਰੇ ਨਾਲ ਜੁੜੇ ਹੁੰਦੇ ਹਨ। ਉਹਨਾਂ ਦਾ ਦਲੀਲ ਰੂਪ ਵਿਚ ਕੋਈ ਪੱਕਾ ਹੱਲ ਨਹੀਂ ਹੁੰਦਾ ਪਰ ਸਮੇਂ ਸਮੇਂ ਤੇ ਅਹਿਮ ਲੋਕ ਉਹਨਾਂ ਬਾਰੇ ਇਕ ਢੁਕਵੀਂ ਵਿਆਖਿਆ ਪੇਸ਼ ਕਰਦੇ ਹਨ। ਮਿਸਾਲ ਵਜੋਂ ਜਦੋਂ ਸਿੱਖ ਇਤਿਹਾਸ ਦੇ ਨਵੇਂ ਲਿਖਾਰੀਆਂ ਨੇ ਖਾਲਸਾ ਸਾਜਨਾ ਦੀ ਤਰਕਪੂਰਨ ਵਿਆਖਿਆ ਕਰਨ ਦੀ ਕੋਸ਼ਿਸ਼ ਕੀਤੀ ਕਿ ‘ਤੰਬੂ ਅੰਦਰ ਬੱਕਰੇ ਬੰਨ੍ਹੇ ਸਨ’ ਵਰਗੀ ਚਰਚਾ ਨਾਲ ਇਤਿਹਾਸ ਦਾ ਖਾਤਾ ਪੂਰਨ ਦੀ ਕੋਸ਼ਿਸ਼ ਕੀਤੀ। ਸਿਰਦਾਰ ਕਪੂਰ ਸਿੰਘ ਨੇ ਕਿਸੇ ਸਵਾਲ ਪੁਛਣ ਵਾਲੇ ਨੂੰ ਇਸੇ ਸਵਾਲ ਦਾ ਉਤਰ ਦਿੰਦਿਆਂ ਕਿਹਾ ਕਿ ‘ਜੋ ਕੰਮ ਗੁਰੂ ਨੇ ਤੁਹਾਡੇ ਤੋਂ ਓਹਲੇ ਚ ਕੀਤਾ, ਤੁਹਾਨੂੰ ਸਿੱਖ ਹੋਣ ਦੇ ਨਾਤੇ ਕੀ ਹੱਕ ਹੈ ਕਿ ਅਪਣੇ ਗੁਰੂ ਦਾ ਪੱਲਾ ਚੁੱਕ ਕੇ ਵੇਖੋਂ? ਵਿਵਾਦਾਂ ਦਾ ਇਹੋ ਹੱਲ ਹੁੰਦਾ ਹੈ ਕਿ ਬੰਦਾ ਆਪਣੇ ਪੱਲੂ ਚ ਝਾਕੇ।ਵਿਵਾਦ ਇਕ ਤਰ੍ਹਾਂ ਦੇ ਵਾ ਵਰੋਲੇ ਹੀ ਹੁੰਦੇ ਹਨ ਜੋ ਅਕਸਰ ਕੱਖਾਂ ਨੂੰ ਬੜੀ ਉਪਰ ਚੁੱਕ ਕੇ ਲੈ ਜਾਂਦੇ ਹਨ। ਏਨੇ ਉਚ ਹੋਏ ਕੱਖਾਂ ਨੂੰ ਲੋਕ ਚਾਅ ਜਾਂ ਸ਼ਰਧਾ ਨਾਲ ਨਹੀਂ ਵੇਖਦੇ ਹੁੰਦੇ ਸਗੋਂ ਉਹਨਾਂ ਦੀ ਖਿਚ ਤਾਂ ਇਹ ਵੇਖਣ ਵਿੱਚ ਹੁੰਦੀ ਹੈ ਕਿ ਵੇਖੀਏ ਮੁੜ ਇਹ ਕੱਖ ਕਿਥੇ ਕੁ ਡਿੱਗਦਾ ਹੈ।ਕਈਆਂ ਨੇ ਤਾਂ ਉਹਨਾਂ ਡਿੱਗੇ ਹੋਏ ਕੱਖਾਂ ਤੇ ਪੈਰ ਧਰਕੇ ਉਹੋ ਸਕੂਨ ਹਾਸਲ ਕਰਨਾ ਹੁੰਦਾ ਏ ਜੋ ਉਹਨਾਂ ਕੱਖਾਂ ਨੇ ਉਚੇ ਉਡਣ ਵੇਲੇ ਮਹਿਸੂਸ ਕੀਤਾ ਸੀ।

Have something to say? Post your comment