Punjab

ਕੈਪਟਨ ਸਪਸ਼ਟ ਕਰੇ ਕਿ ਉਹ ਲਾਂਘਾ ਖੁੱਲ੍ਹਣ ਦੇ ਹੱਕ ਵਿੱਚ ਜਾਂ ਵਿਰੋਧ ਵਿੱਚ:ਸਿੱਖ ਵਿਚਾਰ ਮੰਚ

December 22, 2018 12:34 PM


ਚੰਡੀਗੜ੍ਹ : ਸਿੱਖ ਬੁੱਧੀਜੀਵੀਆਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋ ਮੰਗ ਕੀਤੀ ਹੈ ਕਿ ਉਹ ਸਪਸ਼ੱਟ ਕਰੇ ਕਿ ਉਹ ਕਰਤਾਰਪੁਰ ਸਾਹਿਬ ਲਾਂਘੇ ਦੇ ਹੱਕ ਵਿੱਚ ਜਾਂ ਵਿਰੋਧ ਵਿੱਚ ਹੈ । ਇਸ ਮੁੱਦੇ ਉੱਤੇ ਮੁੱਖ ਮੰਤਰੀ ਦੇ ਆ ਰਹੇ ਦੋਗਲੇ ਬਿਆਨਾਂ ਨੇ ਸਿੱਖਾਂ ਦੀਆ ਭਾਵਨਾਂਵਾਂ ਨੂੰ ਡੂੰਘੀ ਠੇਸ ਲਾਈ ਹੈ ਅਤੇ ਦੇਸ ਵਿਦੇਸ਼ ਵਿੱਚ ਸਿੱਖ ਭਾਈਚਾਰੇ ਚ ਭੰਬਲਭੂਸਾ ਅਤੇ ਡਰ ਪੈਦਾ ਕਰ ਦਿੱਤਾ ਹੈ ਕਿ ਲਾਘੇ ਦੀ ਸੰਪੂਰਨਤਾ ਅਤੇ ਸਰਧਾਲੂਆਂ ਦੀ ਦਰਬਾਰ ਸਾਹਿਬ ਕਰਤਾਰਪੁਰ ਜਾਣ ਲਈ ਰੁਕਾਵਟਾਂ ਪੈਦਾ ਹੋ ਸਕਦੀਆਂ ਹਨ ।
ਲਾਂਘੇ ਨੂੰ ਕੇਵਲ ਪਾਕਿਸਤਾਨ ਫੌਜ ਅਤੇ ਆਈ.ਐਸ.ਆਈ ਨਾਲ ਜੋੜ ਕੇ ਮੁੱਖ ਮੰਤਰੀ ਨੇ ਸਿੱਖਾਂ ਦੀਆਂ 70 ਸਾਲ ਤੋਂ ਕਰਤਾਰਪੁਰ ਸਾਹਿਬ ਨੂੰ ਨਤਮਸਤਕ ਹੋਣ ਲਈ ਕੀਤੀਆਂ ਜਾ ਰਹੀਆਂ ਅਰਦਾਸਾਂ ਰਾਹੀਂ ਪਏ ਬੂਰ ਉੱਤੇ ਪਾਣੀ ਫੇਰ ਦਿੱਤਾ ਹੈ । ਕੈਪਟਨ ਅਮਰਿੰਦਰ ਸਿੰਘ ਜੇਕਰ ਇਹ ਦਾਅਵਾਂ ਕਰਦਾ ਹੈ ਕਿ ਕਰਤਾਰਪੁਰ ਸਾਹਿਬ ਦੇ ਸਥਾਨ ਦੀ ਉਸਾਰੀ ਦੀ ਸੇਵਾ ਉਸਦੇ ਪੁਰਖਿਆਂ ਨੇ ਕਰਵਾਈ ਤਾਂ ਉਸ ਨੂੰ ਕਰਤਾਰਪੁਰ ਲਾਂਘੇ ਦੇ ਖੁੱਲਣ ਲਈ ਸਿੱਖ ਜਗਤ ਚ ਉੱਠੀ ਹੋਈ ਖੁਸ਼ੀ ਦੀ ਲਹਿਰ ਦੀ ਅਗਵਾਈ ਕਰਨੀ ਚਾਹੀਦੀ ਹੈ ਨਾ ਕਿ ਇਸ ਮੁੱਦੇ ਉੱਤੇ ਹਿੰਦੂਤਵੀ ਤਾਕਤਾਂ ਦੀ ਤਰਜ ਉੱਤੇ ਰਾਸਟਰਵਾਦੀ ਸਿਆਸਤ ਕਰਨੀ ਚਾਹੀਦੀ ਹੈ । ਲਾਂਘੇ ਦੇ ਮਹੱਤਵਪੂਰਨ ਮੁੱਦੇ ਉੱਤੇ ਮੁੱਖ ਮੰਤਰੀ ਦੇ ਕਈ ਬਿਆਨ ਤਾਂ ਛੋਟੇ ਪੱਧਰ ਦੀ ਹਿੰਦੂ ਵੋਟ ਬੈਕ ਨੂੰ ਰਿਝਾਉਣ ਵੱਲ ਅਤੇ ਨਵਜੋਤ ਸਿੱਧੂ ਨੂੰ ਨੀਵੇਂ ਦਿਖਾਉਣ ਵੱਲ ਸੇਧਤ ਹਨ ।
ਸਿੱਖ ਬੁੱਧੀਜੀਵੀਆਂ ਨੇ ਕਿਹਾ ਕਿ ਉਹਨਾਂ ਨੂੰ ਕੈਪਟਨ ਤੋ ਇਹ ਉਮੀਦ ਬਿਲਕੁਲ ਨਹੀ ਸੀ ਕਿ ਉਹ ਆਰ.ਐਸ.ਐਸ ,ਦੇ ਮਾਪਦੰਡਾਂ ਰਾਹੀ ਸਿੱਖਾਂ ਦੀ ਦੇਸ ਭਗਤੀ ਨੂੰ ਮਿਣੇਗਾ ਅਤੇ ਸਿੱਖਾਂ ਉਤੇ ਮੁੜ ਸਰਕਾਰੀ ਤਸੱਦਦ ਕਰਨ ਲਈ ਇੱਕ ਨਵਾਂ ਹੋਰ ਪਿੜ ਤਿਆਰ ਕਰੇਗਾ । ਕੈਪਟਨ ਨੇ ਆਪਣੇ ਬਿਆਨਾਂ ਨੂੰ ਸਹੀ ਦਰਸਾਉਣ ਲਈ ਪਾਕਿਸਤਾਨ ਚ ਕਥਿਤ ਤੋਰ ਉੱਤੇ ਹੋ ਰਹੀ 2019 ਦੀ ਸਿੱਖ ਰਿਫਰੈਡਮ ਕਨਵੈਸਨ ਨੂੰ ਆਧਾਰ ਬਣਾਉਣਾ ਬਿਲਕੁਲ ਨਿਰਮੁਲ ਹੈ । ਜਦੋ ਕਿ ਕੈਪਟਨ ਨੇ ਭਾਰਤ ਚ ਹਿੰਦੂ ਰਾਸਟਰ ਪੱਖੀ ਤੇ ਮੁਸਲਿਮ ਵਿਰੋਧੀ ਗਤੀਵਿਧੀਆਂ ਨੂੰ ਕਦੇ ਵੀ ਜੋਰ ਸ਼ੋਰ ਨਾਲ ਨਹੀ ਨਿੰਦਿਆਂ । ਉਨਾਂ ਕਿਹਾ ਕਿ ਕੈਪਟਨ ਦੇ ਬਿਆਨ ਤਾਂ ਇੰਜ਼ ਲਗਦੇ ਹਨ ਕਿ ਜਿਵੇ ਉਹ ਕਿਸੇ ਕੱਟੜਵਾਦੀ ਹਿੰਦੂ ਲੀਡਰ ਵੱਲੋ ਹੋਣ ਜਿਹੜਾ ਕਿ ਭਾਰਤ ਦੀ ਘੱਟ ਗਿਣਤੀਆਂ ਨੂੰ 2 ਨੰਬਰ ਦੇ ਸ਼ਹਿਰੀ ਬਣਾਉਣਾ ਚਾਹੁੰਦਾ ਹੈ ।
ਸਿੱਖ ਬੁੱਧੀਜੀਵੀਆਂ ਨੇ ਸਪੱਸਟ ਕੀਤਾ ਕਿ ਕਰਤਾਰਪੁਰ ਸਾਹਿਬ ਦਾ ਸਥਾਨ ਸਿੱਖੀ ਦਾ ਧੂਰਾ ਹੈ ਜਿੱਥੇ ਗੁਰੂ ਸਾਹਿਬ ਨੇ ਅਮਲੀ ਰੂਪ ਚ ਸਿੱਖ ਪੰਥ ਦਾ ਮੁੱਢ ਬੰਨਿਆ,ਗੁਰੂਗੱਦੀ ਦੇ ਉੱਚੇ ਸਿਧਾਤ ਨਿਰਧਾਰਿਤ ਕੀਤੇ,ਗੁਰੂਬਾਣੀ ਦਾ ਸਕੰਲਨ ਆਰੰਭ ਕੀਤਾ ,ਕਿਰਤ ਸਿਧਾਂਤ ਦਿੱਤਾ ਅਤੇ ਖੁਦ ਇਸ ਅਸਥਾਨ ਉੱਤੇ ਜੋਤੀ ਜੋਤ ਸਮਾਏ । ਸਿੱਖਾਂ ਦੀਆਂ ਭਾਵਨਾਂਵਾਂ ਨਾਲ ਜੁੜੇ ਇਸ ਮਹਾਨ ਅਸਥਾਨ ਦਾ ਪਹਿਲਾਂ ਦੇਸ ਦੀ ਵੰਡ ਵੇਲੇ ਸਰਹੱਦ ਦੇ ਪਾਰ ਰਹਿ ਜਾਣਾ ਸਿੱਖਾਂ ਲਈ ਬਹੁਤ ਵੱਡਾ ਸਦਮਾ ਸੀ ਅਤੇ ਦੂਸਰਾ ਹੁਣ ਲਾਂਘੇ ਨੂੰ ਖੋਲਣ ਦੇ ਮੁੱਦੇ ਉੱਤੇ ਹਲਕੇ ਪੱਧਰ ਦੀ ਸਿਆਸਤ ਨੇ ਸਿੱਖਾਂ ਨੂੰ ਨਿਰਾਸ਼ ਕੀਤਾ ਹੋਇਆ ਹੈ । ਮੁੱਖ ਮੰਤਰੀ ਨੂੰ ਇੱਕ ਸਿੱਖ ਹੋਣ ਦੇ ਨਾਤੇ ਸਾਰੀ ਗੱਲ ਦਾ ਅਹਿਸਾਸ ਹੋਣਾ ਚਾਹੀਦਾ ਸੀ ਕਿ ਕਰਤਾਰਪੁਰ ਸਾਹਿਬ ਲਾਂਘੇ ਨਾਲ ਸਿੱਖਾਂ ਦੀਆਂ ਭਾਵਨਾਂਵਾਂ ਕਿਸ ਹੱਦ ਤਕ ਡੂੰਘੇ ਰੂਪ ਚ ਜੁੜੀਆਂ ਹੋਈਆਂ ਹਨ । ਕੈਪਟਨ ਨੂੰ ਇਸ ਮੁੱਦੇ ਉੱਤੇ ਹਲਕੇ ਤੇ ਸਿਆਸਤ ਪ੍ਰਰਿਤ ਬਿਆਨ ਨਹੀ ਦੇਣੇ ਚਾਹੀਦੇ ।
ਇਸ ਮੋਕੇ ਗੁਰਤੇਜ ਸਿੰਘ ਸਾਬਕਾ ਆਈ.ਏ.ਐਸ , ਕੇਦਰੀ ਸ਼੍ਰੀ ਗੁਰੂ ਸਿੰਘ ਸਭਾ ਦੇ ਮੁੱਖ ਬੁਲਾਰੇ ਗੁਰਪ੍ਰੀਤ ਸਿੰਘ ,ਜਸਪਾਲ ਸਿੰਘ ਸਿੱਧੂ ਸੀਨੀਅਰ ਪੱਤਰਕਾਰ . ਰਾਜਵਿੰਦਰ ਸਿੰਘ ਰਾਹੀ ,ਪ੍ਰੋ,ਗੁਰਦਰਸ਼ਨ ਸਿੰਘ ਢਿਲੋ,ਸ੍ਰੋਮਣੀ ਖਾਲਸਾ ਪੰਚਾਇਤ ਦੇ ਕਨਵੀਨਰ ਰਾਜਿੰਦਰ ਸਿੰਘ ਅਤੇ ਹੋਰ ਸਿੰਖ ਬੁੱਧੀਜੀਵੀ ਹਾਜਿਰ ਸਨ।

Have something to say? Post your comment